ਜ਼ਿਲ੍ਹੇ ’ਚ ਬਣਨ ਵਾਲੇ 18 ਆਮ ਆਦਮੀ ਕਲੀਨਿਕਾਂ ਦੇ ’ਚੋਂ 16 ਦੀ ਪ੍ਰਸ਼ਾਸਕੀ ਪ੍ਰਵਾਨਗੀ ਦੇਣ ਦੀਆਂ ਹਦਾਇਤਾਂ ਜਾਰੀ-ਏ ਡੀ ਸੀ ਰਾਜੀਵ ਵਰਮਾ
ਦੋ ਕਲੀਨਿਕਾਂ ਦਾ ਬਜਟ ਅਨੁਮਾਨ ਸਰਕਾਰ ਵੱਲੋਂ ਨਿਰਧਾਰਿਤ ਹੱਦ ਨਾਲੋਂ ਵਧੇਰੇ ਹੋਣ ਕਾਰਨ ਮਨਜੂਰੀ ਲਈ ਕੇਸ ਸਰਕਾਰ ਨੂੰ ਭੇਜਣ ਦੀ ਹਦਾਇਤ
ਨਵਾਂਸ਼ਹਿਰ, 21 ਦਸੰਬਰ, 2022:
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਸੂਬੇ ’ਚ ਸਿਹਤ ਢਾਂਚੇ ਦੀ ਮਜ਼ਬੂਤੀ ਲਈ 26 ਜਨਵਰੀ ਤੱਕ ਰਾਜ ਵਿੱਚ ਹੋਰ ਆਮ ਆਦਮੀ ਕਲੀਨਿਕਾਂ ਦੀ ਕਾਇਮੀ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਵਿੱਚ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਬਣਨ ਵਾਲੇ 18 ਆਮ ਆਦਮੀ ਕਲੀਨਿਕਾਂ ’ਚੋਂ 16 ਦੀ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕਰਨ ਦੀ ਹਦਾਇਤ ਕੀਤੀ ਗਈ ਜਦਕਿ ਦੋ ਕਲੀਨਿਕਾਂ ’ਚ ਸਰਕਾਰ ਵੱਲੋਂ ਮਿੱਥੀ ਹੱਦ ਤੋਂ ਜ਼ਿਆਦਾ ਦੇ ਬਜਟ ਅਨੁਮਾਨ ਹੋਣ ਕਾਰਨ ਮਨਜੂਰੀ ਲਈ ਕੇਸ ਪੰਜਾਬ ਸਰਕਾਰ ਭੇਜਣ ਦਾ ਫੈਸਲਾ ਲਿਆ ਗਿਆ।
ਇਸ ਸਬੰਧੀ ਅੱਜ ਏ ਡੀ ਸੀ (ਜ) ਰਾਜੀਵ ਵਰਮਾ ਦੀ ਪ੍ਰਧਾਨਗੀ ’ਚ ਮੀਟਿੰਗ ’ਚ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਵੱਲੋਂ ਮੀਟਿੰਗ ’ਚ ਰੱਖੇ 18 ਕਲੀਨਿਕਾਂ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਤਿਆਰ ਕੀਤੇ ਅਨੁਮਾਨਾਂ ’ਤੇ ਵਿਸਥਾਰ ’ਚ ਚਰਚਾ ਕੀਤੀ ਗਈ। ਜਿਸ ਦੌਰਾਨ ਐਸ ਐਮ ਓਜ਼ ਵੱਲੋਂ ਆਪੋ-ਆਪਣੇ ਅਧੀਨ ਪੈਂਦੇ 16 ਆਮ ਆਦਮੀ ਕਲੀਨਿਕਾਂ ਦੇ ਪੀ ਡਬਲਯੂ ਡੀ ਵੱਲੋਂ ਤਿਆਰ ਕੀਤੇ ਬਜਟ ਅਨੁਮਾਨਾਂ ਨਾਲ ਸਹਿਮਤੀ ਜਤਾਈ ਜਦਕਿ ਨਵਾਂਸ਼ਹਿਰ ਅਤੇ ਮੁਜੱਫ਼ਰਪੁਰ ਦੇ ਐਸ ਐਮ ਓਜ਼ ਵੱਲੋਂ ਇਨ੍ਹਾਂ ਦੋ ਕਲੀਨਿਕਾਂ ਦੇ ਅਨੁਮਾਨ ਸਰਕਾਰ ਵੱਲੋਂ ਰੱਖੀ 25 ਲੱਖ ਰੁਪਏ ਪ੍ਰਤੀ ਦੀ ਮਿੱਥੀ ਹੱਦ ਤੋਂ ਜ਼ਿਆਦਾ ਹੋਣ ਕਾਰਨ, ਇਹ ਦੋਵੇਂ ਕੇਸ ਮਨਜੂਰੀ ਲਈ ਸਰਕਾਰ (ਸਿਹਤ ਵਿਭਾਗ) ਨੂੰ ਭੇਜੇ ਜਾਣ ਦਾ ਫੈਸਲਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਲੀਨਿਕਾਂ ਨੂੰ ਬਣਾਉਣ ਦੀ ਸਿਵਲ ਸਰਜਨ ਨੂੰ ਪ੍ਰਸ਼ਾਸਕੀ ਪ੍ਰਵਾਨਗੀ ਜਾਰੀ ਕਰਨ ਦੀ ਮਨਜੂਰੀ ਦਿੱਤੀ ਗਈ, ਉਨ੍ਹਾ ’ਚ ਪੀ ਐਚ ਸੀ ਕਾਠਗੜ੍ਹ, ਟਕਾਰਲਾ, ਪਨਿਆਲੀ, ਖਾਨ ਖਾਨਾ, ਔੜ, ਕਮਾਮ, ਭਾਰਟਾ ਖੁਰਦ, ਜਾਡਲਾ, ਜੱਬੋਵਾਲ, ਪੋਜੇਵਾਲ, ਸਾਹਿਬਾ, ਬਹਿਰਾਮ, ਖਟਕੜ ਕਲਾਂ, ਕਟਾਰੀਆ, ਸੰਧਵਾਂ ਫਰਾਲਾ ਤੇ ਸੁੱਜੋਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਨੂੰ ਇਨ੍ਹਾਂ ਮਨਜੂਰ ਕੀਤੇ ਗਏ ਆਮ ਆਦਮੀ ਕਲੀਨਿਕਾਂ ਦੇ ਬਿਨਾਂ ਦੇਰੀ ਟੈਂਡਰ ਲਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਹੈਲਥ ਸੈਂਟਰਾਂ ਤੋਂ ਆਮ ਆਦਮੀ ਕਲੀਨਿਕ ਅਪਗ੍ਰੇਡ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਸਿਹਤ ਸੰਸਥਾਂਵਾਂ ਵਾਸਤੇ ਪੰਜਾਬ ਸਰਕਾਰ ਵੱਲੋਂ ਭਾਵੇਂ ਹਰੇਕ ਕਲੀਨਿਕ ’ਤੇ 25 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ ਪਰੰਤੂ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਪ੍ਰਤੀ ਕਲੀਨਿਕ ਖਰਚੇ ਜਾਣ ਵਾਲੇ ਬਜਟ ਨੂੰ ਜ਼ਰੂਰਤ ਦੇ ਆਧਾਰ ’ਤੇ ਹੀ ਖਰਚ ਕੀਤਾ। ਉਨ੍ਹਾਂ ਦੱਸਿਆ ਕਿ ਨਵਾਂਸ਼ਹਿਰ ਅਰਬਨ ਪੀ ਐਚ ਸੀ ਅਤੇ ਮੁਜੱਫਰਪੁਰ ਦਿਹਾਤੀ ਪੀ ਐਚ ਸੀ ਦਾ ਨਵੀਨੀਕਰਣ ਅਨੁਮਾਨ 35 ਲੱਖ ਰੁਪਏ ਪ੍ਰਤੀ ਹੋਣ ਕਾਰਨ, ਇਸ ’ਤੇ ਅਗਲੇਰੀ ਕਾਰਵਾਈ ਸਰਕਾਰ ਵੱਲੋਂ ਪ੍ਰਾਪਤ ਹੋਣ ਵਾਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਕੀਤੀ ਜਾਵੇਗੀ ਪਰੰਤੂ ਬਾਕੀ 16 ਪੀ ਐਚ ਸੀ ਨੂੰ ਆਮ ਆਦਮੀ ਕਲੀਨਿਕ ’ਚ ਤਬਦੀਲ ਕਰਨ ਦੀ ਕਾਰਵਾਈ ਬਿਨਾਂ ਦੇਰੀ ਲੋਕ ਨਿਰਮਾਣ ਵਿਭਾਗ ਨੂੰ ਰਸਮੀ ਕਾਰਵਾਈਆਂ ਪੂਰੀਆਂ ਕਰਨ ਉਪਰੰਤ ਅਮਲ ’ਚ ਲਿਆਉਣ ਲਈ ਕਿਹਾ ਗਿਆ।
ਇਸ ਮੀਟਿੰਗ ’ਚ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਐਸ ਐਮ ਓਜ਼ ਡਾ. ਕੁਲਵਿੰਦਰ ਮਾਨ, ਡਾ. ਮਨਦੀਪ ਕਮਲ, ਡਾ. ਗੀਤਾਂਜਲੀ ਸਿੰਘ, ਡਾ. ਗੁਰਿੰਦਰਜੀਤ ਸਿੰਘ, ਡਾ. ਰਵਿੰਦਰ ਸਿੰਘ, ਡਾ. ਬਲਬੀਰ ਕੁਮਾਰ, ਡੀ ਪੀ ਐਮ ਐਨ ਐਚ ਐਮ ਰਾਮ ਸਿੰਘ, ਲੋਕ ਨਿਰਮਾਣ ਵਿਭਾਗ ਤੋਂ ਜੇ ਈ ਰਮੇਸ਼ ਕੁਮਾਰ ਮੌਜੂਦ ਸਨ।
ਫ਼ੋਟੋ ਕੈਪਸ਼ਨ:
ਏ ਡੀ ਸੀ (ਜ) ਰਾਜੀਵ ਵਰਮਾ ਵੀਰਵਾਰ ਨੂੰ ਨਵਾਂਸ਼ਹਿਰ ਵਿਖੇ ਜ਼ਿਲ੍ਹੇ ’ਚ ਬਣਨ ਵਾਲੇ ਆਮ ਆਦਮੀ ਕਲੀਨਿਕਾਂ ਨੂੰ ਬਣਾਉਣ ਸਬੰਧੀ ਮੀਟਿੰਗ ਕਰਦੇ ਹੋਏ।

Comments
Post a Comment