- ਸਿਵਲ ਸਰਜਨ ਦਫਤਰ ਵਿਖੇ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੀ ਵਿਸ਼ੇਸ਼ ਟ੍ਰੇਨਿੰਗ
- ਮੀਜ਼ਲ-ਰੁਬੇਲਾ ਵੈਕਸੀਨ ਦੇ ਪਹਿਲੇ ਟੀਕੇ ਨਾਲ ਦਿੱਤੀ ਜਾਵੇਗੀ ਪੋਲੀਓ ਵੈਕਸੀਨ ਦੀ ਇਕ ਵਾਧੂ ਖੁਰਾਕ
- ਓਰਲ ਵੈਕਸੀਨ ਪਹਿਲਾਂ ਵਾਂਗ ਹੀ ਦਿੱਤੀ ਜਾਵੇਗੀ
- ਬੱਚਿਆਂ ਦੇ ਸਰੀਰ ਵਿੱਚ ਪੋਲੀਓ ਵਿਰੁੱਧ ਐਂਟੀਬਾਡੀਜ਼ ਬਣਾਉਣ ਵਿੱਚ ਹੋਰ ਮਦਦ ਮਿਲੇਗੀ
ਨਵਾਂਸ਼ਹਿਰ, 23 ਦਸੰਬਰ 2022: ਸਿਹਤ ਵਿਭਾਗ ਨੇ 1 ਜਨਵਰੀ 2023 ਤੋਂ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਅਧੀਨ ਪੋਲੀਓ ਟੀਕਾਕਰਨ ਦੇ ਸ਼ਡਿਊਲ ਵਿੱਚ ਬਦਲਾਅ ਕੀਤਾ ਹੈ। ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਗਲੇ ਸਾਲ 1 ਜਨਵਰੀ ਤੋਂ ਸਾਰੇ ਬੱਚਿਆਂ ਨੂੰ ਇੰਐਕਟਿਵ ਪੋਲੀਓ ਵਾਇਰਸ ਵੈਕਸੀਨ ਦੀਆਂ ਕੁੱਲ ਤਿੰਨ ਖੁਰਾਕਾਂ ਦਿੱਤੀਆਂ ਜਾਣਗੀਆਂ।
ਇਸ ਸਬੰਧੀ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ ਵਿਖੇ ਪੋਲੀਓ ਵੈਕਸੀਨ ਦੀ ਤੀਜੀ ਡੋਜ਼ ਦੀ ਸ਼ੁਰੂਆਤ ਕਰਨ ਲਈ ਅੱਜ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਵਿਸ਼ਵ ਸਿਹਤ ਸੰਗਠਨ ਦੇ ਸਰਵੀਲੈਂਸ ਮੈਡੀਕਲ ਅਫਸਰ ਡਾ. ਗਗਨ ਸ਼ਰਮਾ ਨੇ ਪਾਵਰ ਪੁਆਇੰਟ ਪ੍ਰੈਜਨਟੇਸ਼ਨ ਰਾਹੀਂ ਪੋਲੀਓ ਦੀ ਬਿਮਾਰੀ ਦੇ ਇਤਿਹਾਸ, ਸਾਵਧਾਨੀਆਂ, ਜਾਗਰੂਕਤਾ, ਰਾਸ਼ਟਰੀ ਤੇ ਉਪ ਰਾਸ਼ਟਰੀ ਪਲਸ ਪੋਲੀਓ ਰਾਊਂਡਾਂ ਦੀ ਅੰਕੜਿਆਂ ਅਤੇ ਤਸਵੀਰਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਵਿਸਤ੍ਰਿਤ ਜਾਣਕਾਰੀ ਦਿੱਤੀ। ਇਸ ਟ੍ਰੇਨਿੰਗ ਵਿੱਚ ਸਮੂਹ ਸੀਨੀਅਰ ਮੈਡੀਕਲ ਅਫ਼ਸਰ, ਬਲਾਕ ਨੋਡਲ ਅਫ਼ਸਰ, ਬਲਾਕ ਐਕਸਟੈਂਸ਼ਨ ਐਜੂਕੇਟਰ, ਐਲ.ਐਚ.ਵੀਜ ਅਤੇ ਏ.ਐਨ.ਐਮਜ ਨੇ ਭਾਗ ਲਿਆ।
ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਮਰੀਕਾ, ਇਸਰਾਇਲ, ਇੰਡੋਨੇਸ਼ੀਆ ਅਤੇ ਬ੍ਰਿਟੇਨ ਵਰਗੇ ਮੁਲਕਾਂ ਵਿੱਚ ਇਸ ਵਰ੍ਹੇ ਪੋਲੀਓ ਦੇ ਸ਼ੱਕੀ ਕੇਸ ਦੇਖਣ ਨੂੰ ਮਿਲੇ ਹਨ। ਇਸ ਤੋਂ ਇਲਾਵਾ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿੱਚ ਪੋਲਿਓ ਦੇ ਵਾਇਰਸ ਦਾ ਸੰਚਾਰ ਅਜੇ ਵੀ ਜਾਰੀ ਹੈ ਜੋ ਭਾਰਤ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ। ਇਸ ਦੇ ਮੱਦੇਨਜ਼ਰ ਇਹ ਪੋਲੀਓ ਵਾਇਰਸ ਉਨਾਂ ਬੱਚਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਜਿਨ੍ਹਾਂ ਨੇ ਪੋਲੀਓ ਵੈਕਸੀਨ ਨਹੀਂ ਲਈ ਹੈ। ਇਸ ਖ਼ਤਰੇ ਨੂੰ ਵੇਖਦੇ ਹੋਏ ਭਾਰਤ ਵਿੱਚ ਟੀਕਾਕਰਨ ਸੂਚੀ ਵਿੱਚ ਪੋਲੀਓ ਟੀਕੇ ਦੀ ਇਕ ਵਾਧੂ ਖ਼ੁਰਾਕ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪੋਲੀਓ ਦੀ ਰੋਕਥਾਮ ਲਈ ਦੋ ਟੀਕੇ ਲਗਾਏ ਜਾਂਦੇ ਹਨ। ਪਹਿਲਾ ਟੀਕਾ 6ਵੇਂ ਹਫ਼ਤੇ ਅਤੇ ਦੂਜਾ ਟੀਕਾ 14ਵੇਂ ਹਫ਼ਤੇ ਵਿੱਚ ਲਗਾਇਆ ਜਾਂਦਾ ਹੈ ਅਤੇ ਹੁਣ ਤੀਜਾ ਟੀਕਾ ਬੱਚੇ ਦੇ ਨੌ ਮਹੀਨੇ ਦਾ ਹੋਣ 'ਤੇ ਮੀਜ਼ਲ-ਰੁਬੈਲਾ ਵੈਕਸੀਨ ਦੀ ਪਹਿਲੀ ਖੁਰਾਕ ਦੇ ਨਾਲ ਦਿੱਤਾ ਜਾਵੇਗਾ। ਨਵੇਂ ਸ਼ਡਿਊਲ ਤੋਂ ਬਾਅਦ ਵੀ ਓਰਲ ਵੈਕਸੀਨ ਪਹਿਲਾਂ ਵਾਂਗ ਹੀ ਦਿੱਤੀ ਜਾਂਦੀ ਰਹੇਗੀ।
ਡਾ. ਢਾਂਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੇ ਬੱਚੇ ਪਹਿਲਾਂ ਹੀ ਮੀਜ਼ਲ-ਰੂਬੈਲਾ ਵੈਕਸੀਨ ਦੀ ਪਹਿਲੀ ਖੁਰਾਕ ਲੈ ਚੁੱਕੇ ਹਨ, ਉਨ੍ਹਾਂ ਨੂੰ ਪੋਲੀਓ ਵੈਕਸੀਨ ਦੀ ਤੀਜੀ ਖੁਰਾਕ ਨਹੀਂ ਦਿੱਤੀ ਜਾਵੇਗੀ। ਜੇਕਰ ਐਫ.ਆਈ.ਪੀ.ਵੀ. ਦੀ ਘੱਟੋ-ਘੱਟ ਇੱਕ ਖੁਰਾਕ ਇੱਕ ਸਾਲ ਦੀ ਉਮਰ ਤੋਂ ਪਹਿਲਾਂ ਦੇ ਦਿੱਤੀ ਗਈ ਹੈ ਤਾਂ ਬਾਕੀ ਖੁਰਾਕਾਂ ਦਿੱਤੀਆਂ ਜਾਣਗੀਆਂ ਪਰ ਜੇਕਰ ਪਹਿਲੀ ਖੁਰਾਕ ਇੱਕ ਸਾਲ ਦੀ ਉਮਰ ਤੋਂ ਪਹਿਲਾਂ ਨਹੀਂ ਦਿੱਤੀ ਗਈ, ਤਾਂ ਇਹ ਤੀਜਾ ਟੀਕਾ ਨਹੀਂ ਲਗਾਇਆ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਵਿੰਦਰ ਕੁਮਾਰ ਨੇ ਦੱਸਿਆ ਕਿ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਅਧੀਨ ਬੱਚਿਆਂ ਨੂੰ ਪੀਲੀਆ, ਪੋਲੀਓ, ਤਪਦਿਕ, ਗਲ਼ਘੋਟੂ, ਕਾਲੀ ਖੰਘ, ਟੈਟਨੱਸ, ਨਿਮੋਨੀਆ ਤੇ ਦਸਤ, ਖਸਰਾ ਤੇ ਰੂਬੇਲਾ ਅਤੇ ਅੰਧਰਾਤਾ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਨੂੰ ਟੀਕੇ ਲਗਾਏ ਜਾਂਦੇ ਹਨ। ਬਿਹਤਰ ਸਿਹਤ ਸੇਵਾਵਾਂ ਰਾਹੀਂ ਬੱਚਿਆਂ ਨੂੰ ਪੋਲੀਓ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਸਿਹਤ ਵਿਭਾਗ ਦਾ ਮੁੱਢਲਾ ਫਰਜ਼ ਹੈ, ਪਰ ਇਸ ਕਾਰਜ ਵਿੱਚ ਮਾਂ ਪਿਓ ਦਾ ਜਾਗਰੂਕ ਰਹਿਣਾ ਵੀ ਬਹੂਤ ਜ਼ਰੂਰੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਤੀਜੀ ਖੁਰਾਕ ਸ਼ੁਰੂ ਕਰਨ ਨਾਲ ਬੱਚਿਆਂ ਦੇ ਸਰੀਰ ਵਿੱਚ ਪੋਲੀਓ ਵਿਰੁੱਧ ਐਂਟੀਬਾਡੀਜ਼ ਬਣਾਉਣ ਵਿੱਚ ਹੋਰ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਐਲ.ਐਚ.ਵੀਜ ਅਤੇ ਏ.ਐਨ.ਐਮਜ ਨੂੰ ਕਿਹਾ ਕਿ ਉਹ ਆਪੋ-ਆਪਣੇ ਖੇਤਰਾਂ ਵਿੱਚ ਹਾਈ ਰਿਸਕ ਅਤੇ ਸਲਮ ਏਰੀਏ ਦਾ ਸਰਵੇ ਕਰਕੇ ਟੀਕਾਕਰਨ ਤੋਂ ਵਾਂਝੇ ਬੱਚਿਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਕਵਰ ਕਰਨ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ,, ਡਾ. ਪ੍ਰਤਿਭਾ ਵਰਮਾ, ਡਾ. ਗੁਰਿੰਦਰਜੀਤ ਸਿੰਘ, ਡਾ. ਮਨਦੀਪ ਕਮਲ, ਡਾ. ਰਣਜੀਤ ਹਰੀਸ਼, ਡਾ. ਹਰਪਿੰਦਰ ਸਿੰਘ, ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਤਰਸੇਮ ਲਾਲ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਹਰਪ੍ਰੀਤ ਸਿੰਘ, ਨਿਰਮਲ ਸਿੰਘ, ਰਾਜ ਕੁਮਾਰ, ਗੁਰਕਿਰਪਾਲ ਸਿੰਘ ਸੰਧੂ ਸਮੇਤ ਐਲ.ਐਚ.ਵੀਜ ਅਤੇ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Comments
Post a Comment