ਬਲਾਚੌਰ, 19 ਦਸੰਬਰ, 2022:
ਪੰਜਾਬ ਸਰਕਾਰ ਦੇ ਸਟੇਟ ਕਰ ਵਿਭਾਗ ਦੀ ਜ਼ਿਲ੍ਹਾ ਟੀਮ ਵੱਲੋਂ ਅੱਜ ਬਲਾਚੌਰ ਦੀ ਇੱਕ ਟ੍ਰੇਡਿੰਗ ਫ਼ਰਮ ’ਤੇ ਛਾਪੇਮਾਰੀ ਕਰਕੇ ਰਿਕਾਰਡ ਦੀ ਪੜਤਾਲ ਕੀਤੀ ਗਈ। ਵਿਭਾਗ ਨੂੰ ਆਸ਼ੰਕਾ ਹੈ ਕਿ ਫ਼ਰਮ ਵੱਲੋਂ ਆਪਣੀ ਸਲਾਨਾ ਟਰਨ ਓਵਰ ਅਸਲ ਨਾਲੋਂ ਘੱਟ ਦਿਖਾਈ ਜਾ ਰਹੀ ਹੈ।
ਸਹਾਇਕ ਕਮਿਸ਼ਨਰ ਸਟੇਟ ਕਰ ਹਰਪ੍ਰੀਤ ਸਿੰਘ ਅਨੁਸਾਰ ਵਿਭਾਗ ਵੱਲੋਂ ਸਰਕਾਰ ਨੂੰ ਕਰ ਮਾਲੀਏ ’ਚ ਆਪਣੀ ਆਮਦਨ ਨਾਲੋਂ ਘੱਟ ਰਿਟਰਨਾਂ/ਟੈਕਸ ਭਰ ਕੇ ਨੁਕਸਾਨ ਪਹੁੰਚਾਉਣ ਵਾਲੀਆਂ ਫ਼ਰਮਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਵਿਭਾਗ ਵੱਲੋਂ ਸਟੇਟ ਕਰ ਦੇ ਸੂਬਾਈ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਬਲਾਚੌਰ ਦੀ ਇੱਕ ਫ਼ਲੋਰ ਟਾਈਲ ਦੇ ਕਾਰੋਬਾਰ ਵਾਲੀ ਫ਼ਰਮ ਦੀ ਇਸੰਪੈਕਸ਼ਨ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਾਲੀ ਇਸ ਟੀਮ ’ਚ ਈ ਟੀ ਓ ਸਟੇਟ ਟੈਕਸ ਖੁਸ਼ਵੰਤ ਸਿੰਘ ਤੋਂ ਇਲਾਵਾ ਇੰਸਪੈਕਟਰ ਸਟੇਟ ਟੈਕਸ ਸੁਰਜੀਤ ਸਿੰਘ, ਰਾਧਾ ਰਮਨ, ਸਤਿੰਦਰ ਕੌਰ ਤੇ ਭੁਪਿੰਦਰ ਕੌਰ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਸਮੁੱਚੇ ਬਿੱਲਾਂ ਅਤੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੜਤਾਲ ਮੁਕੰਮਲ ਹੋਣਣ ਬਾਅਦ ਹੀ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਸਹਾਇਕ ਕਮਿਸ਼ਨਰ ਸਟੇਟ ਟੈਕਸ ਹਰਪ੍ਰੀਤ ਸਿੰਘ ਅਨੁਸਾਰ ਜ਼ਿਲ੍ਹੇ ’ਚ ਅਜਿਹੀਆਂ ਫ਼ਰਮਾਂ ਜੋ ਕਿ ਆਪਣੀ ‘ਗਰੋਸ ਟਰਨ ਓਵਰ’ ਤੋਂ ਘੱਟ ਟੈਕਸ ਭਰ ਰਹੀਆਂ ਹਨ ਜਾਂ ਉਹ ਫ਼ਰਮਾਂ ਜੋ ਕਿ ਕਾਰੋਬਾਰ ਤਾਂ ਜੀ ਐਸ ਟੀ ’ਚ ਦਰਜ ਮਾਲੀਏ ਦੀ ਹੱਦ ਮੁਤਾਬਕ ਕਰ ਰਹੀਆਂ ਪਰ ਜੀ ਐਸ ਟੀ ਨੰਬਰ ਹਾਲਾਂ ਤੱਕ ਵੀ ਨਹੀਂ ਲਿਆ, ਵਿਭਾਗ ਦੇ ਨਿਸ਼ਾਨੇ ’ਤੇ ਹਨ, ਜਿਨ੍ਹਾਂ ਦੀ ਲੋੜ ਪੈਣ ’ਤੇ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹੇ ਦੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਜੀ ਐਸ ਟੀ ਰਿਟਰਨਾਂ ਜ਼ਰੂਰ ਭਰਨ ਪਰ ਇਨ੍ਹਾਂ ’ਚ ਕੋਈ ਵੀ ਜਾਣਕਾਰੀ ਲੁਕੋਈ ਨਾ ਜਾਵੇ। ਉਨ੍ਹਾਂ ਕਿਹਾ ਕਿ ਟੈਕਸ ਮਾਲੀਏ ਨਾਲ ਹੀ ਸੂਬੇ ਦਾ ਵਿਕਾਸ ਜੁੜਿਆ ਹੋਇਆ ਹੈ, ਇਸ ਲਈ ਸਾਨੂੰ ਰਿਟਰਨਾਂ ’ਚ ‘ਅੰਡਰ ਰਿਪੋਰਟਿੰਗ’ ਕਰਨ ਜਾਂ ‘ਗਰੋਸ ਟਰਨ ਓਵਰ’ ਨੂੰ ਲੁਕਾਉਣਾ ਨਹੀਂ ਚਾਹੀਦਾ।

Comments
Post a Comment