- ਬੱਚਿਆਂ ਦੇ ਸਰੀਰ ਵਿੱਚ ਪੋਲੀਓ ਵਿਰੁੱਧ ਐਂਟੀਬਾਡੀਜ਼ ਬਣਾਉਣ ਵਿੱਚ ਮਿਲੇਗੀ ਮੱਦਦ
ਬਲਾਚੌਰ, 04 ਜਨਵਰੀ 2023 : ਸਿਹਤ ਵਿਭਾਗ ਨੇ ਪਹਿਲੀ ਜਨਵਰੀ ਤੋਂ ਯੂਨੀਵਰਸਲ ਟੀਕਾਕਰਣ ਪ੍ਰੋਗਰਾਮ ਅਧੀਨ ਪੋਲੀਓ ਟੀਕਾਕਰਣ ਦੇ ਸ਼ਡਿਊਲ ਵਿੱਚ ਬਦਲਾਅ ਕੀਤਾ ਹੈ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੀਤੀ ਪਹਿਲੀ ਜਨਵਰੀ ਤੋਂ ਸਾਰੇ ਬੱਚਿਆਂ ਨੂੰ ਇਨਐਕਟਿਵ ਪੋਲੀਓ ਵਾਇਰਸ ਵੈਕਸੀਨ ਦੀਆਂ ਕੁੱਲ ਤਿੰਨ ਖੁਰਾਕਾਂ ਦੇਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਦੀ ਅਗਵਾਈ ਵਿੱਚ ਅੱਜ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਪੋਲੀਓ ਵੈਕਸੀਨ ਦੀ ਤੀਜੀ ਡੋਜ਼ ਦੀ ਸ਼ੁਰੂਆਤ ਕੀਤੀ ਗਈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਨੇ ਦੱਸਿਆ ਕਿ ਅਮਰੀਕਾ, ਇਜ਼ਰਾਇਲ, ਇੰਡੋਨੇਸ਼ੀਆ ਤੇ ਬ੍ਰਿਟੇਨ ਵਰਗੇ ਮੁਲਕਾਂ ਵਿੱਚ ਇਸ ਵਰ੍ਹੇ ਪੋਲੀਓ ਦੇ ਸ਼ੱਕੀ ਕੇਸ ਦੇਖਣ ਨੂੰ ਮਿਲੇ ਹਨ। ਇਸ ਤੋਂ ਇਲਾਵਾ ਗੁਆਂਢੀ ਦੇਸ਼ਾਂ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿੱਚ ਪੋਲਿਓ ਦੇ ਵਾਇਰਸ ਦਾ ਸੰਚਾਰ ਅਜੇ ਵੀ ਜਾਰੀ ਹੈ, ਜੋ ਭਾਰਤ ਵਿੱਚ ਵੀ ਦਾਖਲ ਹੋ ਸਕਦਾ ਹੈ। ਇਸ ਦੇ ਮੱਦੇਨਜ਼ਰ ਇਹ ਪੋਲੀਓ ਵਾਇਰਸ ਉਨ੍ਹਾਂ ਬੱਚਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ, ਜਿਨ੍ਹਾਂ ਨੇ ਪੋਲੀਓ ਵੈਕਸੀਨ ਨਹੀਂ ਲਈ। ਇਸ ਖ਼ਤਰੇ ਨੂੰ ਵੇਖਦੇ ਹੋਏ ਭਾਰਤ ਵਿੱਚ ਟੀਕਾਕਰਣ ਸੂਚੀ ਵਿੱਚ ਪੋਲੀਓ ਟੀਕੇ ਦੀ ਇਕ ਵਾਧੂ ਖ਼ੁਰਾਕ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ।
ਡਾ. ਮਾਨ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪੋਲੀਓ ਦੀ ਰੋਕਥਾਮ ਲਈ ਦੋ ਟੀਕੇ ਲਗਾਏ ਜਾਂਦੇ ਹਨ। ਪਹਿਲਾ ਟੀਕਾ 6ਵੇਂ ਹਫ਼ਤੇ ਤੇ ਦੂਜਾ ਟੀਕਾ 14ਵੇਂ ਹਫ਼ਤੇ ਵਿੱਚ ਲਗਾਇਆ ਜਾਂਦਾ ਹੈ ਅਤੇ ਹੁਣ ਤੀਜਾ ਟੀਕਾ ਬੱਚੇ ਦੇ ਨੌਂ ਮਹੀਨੇ ਦਾ ਹੋਣ 'ਤੇ ਮੀਜ਼ਲ-ਰੁਬੈਲਾ ਵੈਕਸੀਨ ਦੀ ਪਹਿਲੀ ਖੁਰਾਕ ਦੇ ਨਾਲ ਦਿੱਤਾ ਜਾਵੇਗਾ। ਨਵੇਂ ਸ਼ਡਿਊਲ ਤੋਂ ਬਾਅਦ ਓਰਲ ਵੈਕਸੀਨ ਪਹਿਲਾਂ ਵਾਂਗ ਹੀ ਦਿੱਤੀ ਜਾਂਦੀ ਰਹੇਗੀ। ਉਨ੍ਹਾਂ ਦੱਸਿਆ ਕਿ ਜਿਹੜੇ ਬੱਚੇ ਪਹਿਲਾਂ ਹੀ ਮੀਜ਼ਲ-ਰੂਬੈਲਾ ਵੈਕਸੀਨ ਦੀ ਪਹਿਲੀ ਖੁਰਾਕ ਲੈ ਚੁੱਕੇ ਹਨ, ਉਨ੍ਹਾਂ ਨੂੰ ਪੋਲੀਓ ਵੈਕਸੀਨ ਦੀ ਤੀਜੀ ਖੁਰਾਕ ਨਹੀਂ ਦਿੱਤੀ ਜਾਵੇਗੀ। ਜੇਕਰ ਐਫ.ਆਈ.ਪੀ.ਵੀ. ਦੀ ਘੱਟੋ-ਘੱਟ ਇੱਕ ਖੁਰਾਕ ਇੱਕ ਸਾਲ ਦੀ ਉਮਰ ਤੋਂ ਪਹਿਲਾਂ ਦੇ ਦਿੱਤੀ ਗਈ ਹੈ ਤਾਂ ਬਾਕੀ ਖੁਰਾਕਾਂ ਦਿੱਤੀਆਂ ਜਾਣਗੀਆਂ, ਪਰ ਜੇਕਰ ਪਹਿਲੀ ਖੁਰਾਕ ਇੱਕ ਸਾਲ ਦੀ ਉਮਰ ਤੋਂ ਪਹਿਲਾਂ ਨਹੀਂ ਦਿੱਤੀ ਗਈ ਤਾਂ ਇਹ ਤੀਜਾ ਟੀਕਾ ਨਹੀਂ ਲਗਾਇਆ ਜਾਵੇਗਾ।
ਡਾ. ਮਾਨ ਨੇ ਦੱਸਿਆ ਕਿ ਯੂਨੀਵਰਸਲ ਟੀਕਾਕਰਣ ਪ੍ਰੋਗਰਾਮ ਅਧੀਨ ਬੱਚਿਆਂ ਨੂੰ ਪੀਲੀਆ, ਪੋਲੀਓ, ਤਪਦਿਕ, ਗਲਘੋਟੂ, ਕਾਲੀ ਖਾਂਸੀ, ਟੈਟਨਸ, ਨਿਮੋਨੀਆ ਤੇ ਦਸਤ, ਖਸਰਾ ਤੇ ਰੂਬੇਲਾ ਅਤੇ ਅੰਧਰਾਤਾ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਬਚਾਅ ਲਈ ਟੀਕੇ ਲਗਾਏ ਜਾਂਦੇ ਹਨ। ਬਿਹਤਰ ਸਿਹਤ ਸੇਵਾਵਾਂ ਰਾਹੀਂ ਬੱਚਿਆਂ ਨੂੰ ਪੋਲੀਓ ਤੇ ਹੋਰ ਬਿਮਾਰੀਆਂ ਤੋਂ ਬਚਾਉਣਾ ਸਿਹਤ ਵਿਭਾਗ ਦਾ ਮੁੱਢਲਾ ਫਰਜ਼ ਹੈ, ਪਰ ਇਸ ਕਾਰਜ ਵਿੱਚ ਮਾਂ-ਪਿਓ ਦਾ ਜਾਗਰੂਕ ਹੋਣਾ ਵੀ ਬਹੂਤ ਜ਼ਰੂਰੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਤੀਜੀ ਖੁਰਾਕ ਸ਼ੁਰੂ ਕਰਨ ਨਾਲ ਬੱਚਿਆਂ ਦੇ ਸਰੀਰ ਵਿੱਚ ਪੋਲੀਓ ਵਿਰੁੱਧ ਐਂਟੀਬਾਡੀਜ਼ ਬਣਾਉਣ ਵਿੱਚ ਹੋਰ ਮੱਦਦ ਮਿਲੇਗੀ। ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਵਿੰਦਰ ਮਾਨ ਨੇ ਸਮੂਹ ਐੱਲਐੱਚਵੀਜ਼ ਤੇ ਏਐੱਨਐੱਮਜ਼ ਨੂੰ ਕਿਹਾ ਕਿ ਉਹ ਆਪੋ-ਆਪਣੇ ਖੇਤਰਾਂ ਵਿੱਚ ਹਾਈ ਰਿਸਕ ਤੇ ਸਲੱਮ ਏਰੀਏ ਦਾ ਸਰਵੇ ਕਰਨ ਅਤੇ ਟੀਕਾਕਰਣ ਤੋਂ ਵਾਂਝੇ ਬੱਚਿਆਂ ਦੀ ਭਾਲ ਕਰਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਕਵਰ ਕਰਨਾ ਯਕੀਨੀ ਬਣਾਉਣ। ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਨਿਰਮਲ ਸਿੰਘ, ਹੈਲਥ ਵਰਕਰ ਅਮਨਦੀਪ ਪਾਲ, ਬਲਜੀਤ ਕੌਰ, ਨਰਿੰਦਰ ਕੌਰ ਸਮੇਤ ਹੋਰ ਸਿਹਤ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Comments
Post a Comment